ਬੀ.ਸੀ. ਜੌਬਸ ਪਲੈਨ ਦਰਸਾਉਂਦੀ ਹੈ ਪੰਜ ਸਾਲਾਂ ਦਾ ਵਿਕਾਸ

ਪ੍ਰੀਮੀਅਰ ਕਲਾਰਕ ਅਤੇ ਮੰਤਰੀ ਸ਼ਰਲੇ ਬੌਂਡ ਨੇ ‘ਬੀਸੀ ਜੌਬਸ ਪਲੈਨ’ (23 Jobs Plan) ਦਾ 5-ਸਾਲਾ ਅਪਡੇਟ ਜਾਰੀ ਕੀਤਾ, ਜਿਸ ਵਿੱਚ ਟੈਕਨਾਲੋਜੀ, ਨਵੀਨਤਾ ਉੱਤੇ ਲੰਮੇ ਸਮੇਂ ਲਈ ਧਿਆਨ ਕੇਂਦ੍ਰਿਤ ਕਰਨ ਅਤੇ ਪਿੰਡਾਂ ਦੇ ਵਾਸੀਆਂ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ ਲਈ ਵਿਸ਼ੇਸ਼ ਕਦਮ ਚੁੱਕਣ ਦੀ ਗੱਲ ਕੀਤੀ ਗਈ ਹੈ।
5-ਸਾਲਾ ਅਪਡੇਟ ਵਿੱਚ ਸਾਲ 2011 ਤੋਂ ਸੂਬੇ ਵਿੱਚ ਹੋਈ ਤਰੱਕੀ ਨੂੰ ਦਰਸਾਇਆ ਗਿਆ ਹੈ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਹੁਣ ਕੈਨੇਡਾ ਦੀਆਂ ਸਭ ਤੋਂ ਮਜ਼ਬੂਤ ਅਤੇ ਬੇਹੱਦ ਵਿਭਿੰਨਤਾ-ਭਰਪੂਰ ਅਰਥ-ਵਿਵਸਥਾਵਾਂ ਵਿੱਚੋਂ ਇੱਕ ਬਣ ਚੁੱਕਾ ਹੈ। ਇਹ ਝਲਕੀਆਂ ਦਰਸਾਉਂਦੀਆਂ ਹਨ ਕਿ ਇਹ ਸੂਬਾ:
• ਆਰਥਿਕ ਵਿਕਾਸ ਦੇ ਮਾਮਲੇ ਵਿੱਚ ਤੀਜੇ ਸਥਾਨ ਤੋਂ ਛਲਾਂਗ ਮਾਰ ਕੇ ਦੇਸ਼ ਦਾ ਮੋਹਰੀ ਬਣ ਗਿਆ ਹੈ;
• ਰੋਜ਼ਗਾਰ ਸਿਰਜਣ ਦੇ ਮਾਮਲੇ ਵਿੱਚ 191,500 ਨੌਕਰੀਆਂ ਨਾਲ ਨੌਂਵੇਂ ਸਥਾਨ ਤੋਂ ਹੁਣ ਦੇਸ਼ ‘ਚ ਅੱਵਲ ਨੰਬਰ ‘ਤੇ ਆ ਗਿਆ ਹੈ;
• ਬੇਰੋਜ਼ਗਾਰੀ ਦੀ ਸਭ ਤੋਂ ਘੱਟ ਦਰ ਵਿੱਚ ਚੌਥੇ ਸਥਾਨ ਤੋਂ ਤਰੱਕੀ ਕਰ ਕੇ 5.8% ਨਾਲ ਕੈਨੇਡਾ ਵਿੱਚ ਬੇਰੋਜ਼ਗਾਰੀ ਦੀ ਸਭ ਤੋਂ ਘੱਟ ਦਰ ‘ਤੇ ਆ ਗਿਆ ਹੈ;
• ਬਰਾਮਦਾਂ ਵਿੱਚ 10% ਵਾਧੇ ਨਾਲ M36 ਅਰਬ ਡਾਲਰ ਸਾਲਾਨਾ ‘ਤੇ ਆ ਗਿਆ ਹੈ; ਅਤੇ
• 2011 ਬੀ.ਸੀ. ਜੌਬਸ ਪਲੈਨ ਵਿੱਚ ਤੈਅ ਕੀਤੇ 19 ਉਦੇਸ਼ਮੁਖੀ ਟੀਚਿਆਂ ਵਿੱਚੋਂ 15 ਨੂੰ ਹਾਸਲ ਕਰ ਲਿਆ ਗਿਆ ਹੈ।
5-ਸਾਲਾ ਅਪਡੇਟ; ਇੱਕ ਨਵੇਂ ਖੇਤਰ ‘ਐਡਵਾਂਸਡ ਮੈਨੂਫ਼ੈਕਚਰਿੰਗ’ (ਅਗਾਂਹਵਧੂ ਨਿਰਮਾਣ) ਦੇ ਨਾਲ-ਨਾਲ ਉਨ੍ਹਾਂ ਅੱਠ ਪ੍ਰਮੁੱਖ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕੀਤੇ ਜਾਣ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ, ਜੋ ਇਸ ਸੂਬੇ ਦੀ ਅਰਥ ਵਿਵਸਥਾ ਦੀ ਨੀਂਹ ਹਨ। ਇਹ ਬ੍ਰਿਟਿਸ਼ ਕੋਲੰਬੀਆ ਦੀ ਅਰਥ-ਵਿਵਸਥਾ ਲਈ ਜ਼ਰੂਰੀ ਮੁਕਾਬਲੇਬਾਜ਼ੀ ਦੇ ਤਿੰਨ ਮੁੱਖ ਚਾਲਕਾਂ ਅਤੇ ਜੌਬਸ ਪਲੈਨ ਲਈ 25 ਨਵੇਂ ਚਾਹਤ ਵਾਲੇ ਟੀਚਿਆਂ ਦੀ ਸ਼ਨਾਖ਼ਤ ਵੀ ਕਰਦਾ ਹੈ।
ਬੀ.ਸੀ. ਜੌਬਸ ਪਲੈਨ ਨੇ ਆਰਥਿਕ ਕਾਮਯਾਬੀ ਲਈ ਇੱਕ ਰੂਪ-ਰੇਖਾ ਤਿਆਰ ਕੀਤੀ ਹੈ, ਕਿਉਂਕਿ ਸੂਬਾ ਸਮਝਦਾ ਹੈ ਕਿ ਇਸ ਮਾਮਲੇ ਵਿੱਚ ਚੁਣੌਤੀਆਂ ਹਾਲੇ ਕਾਇਮ ਹਨ। ਇਸੇ ਲਈ ਸੂਬੇ ਨੇ ਸਾਡੇ ਪਿੰਡਾਂ ਵਿੱਚ ਵਸਦੇ ਭਾਈਚਾਰਿਆਂ ਨੂੰ ਦਰਪੇਸ਼ ਖ਼ਤਰਿਆਂ ਦਾ ਸਾਹਮਣਾ ਕਰਨ ਅਤੇ ਇਸ ਦੇ ਨਾਲ ਤੇਜ਼ੀ ਨਾਲ ਤਰੱਕੀ ਕਰ ਰਹੇ ਟੈਕਨਾਲੋਜੀ ਖੇਤਰ ਵਿੱਚ ਪ੍ਰਤਿਭਾ ਨੂੰ ਵਿਕਸਤ ਕਰਨ ਦੀ ਜ਼ਰੂਰਤ ਵਿੱਚ ਮਦਦ ਲਈ ਦੋ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪਿੰਡਾਂ ਦੇ ਅਰਥਚਾਰੇ ਅਤੇ ਕੁਦਰਤੀ ਸਰੋਤਾਂ ਨਾਲ ਜੁੜੇ ਉਦਯੋਗ ਹੀ ਸਾਡੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਬਣੇ ਰਹੇ ਹਨ, ਪਰ ਵਸਤੂਆਂ ਦੀਆਂ ਕੀਮਤਾਂ ਵਿੱਚ ਵਿਸ਼ਵ ਪੱਧਰ ‘ਤੇ ਆਈ ਕਮੀ ਕਾਰਨ ਇਸ ਵੇਲੇ ਉਨ੍ਹਾਂ ਨੂੰ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਬਹੁਤ ਸੋਚ-ਸਮਝ ਕੇ ਕਰਨ ਦੀ ਜ਼ਰੂਰਤ ਹੈ, ਇਸੇ ਲਈ ਸੂਬਾ ਹੁਣ ਦਿਹਾਤੀ ਵਿਕਾਸ ਨੀਤੀ ਉਲੀਕ ਰਿਹਾ ਹੈ, ਜਿਸ ਰਾਹੀਂ ਨੀਤੀ ਅਤੇ ਨਿਵੇਸ਼ ਪਹਿਲਕਦਮੀਆਂ ਨਾਲ ਸਾਡੇ ਪਿੰਡਾਂ ਦੇ ਵਾਸੀਆਂ ਨੂੰ ਮਦਦ ਮਿਲੇਗੀ। ਇਸ ਜਤਨ ਦੀ ਅਗਵਾਈ ਦਿਹਾਤੀ ਆਰਥਿਕ ਵਿਕਾਸ ਬਾਰੇ ਰਾਜ ਮੰਤਰੀ ਡੌਨਾ ਬਾਰਨੈੱਟ ਅਤੇ ਰੋਜ਼ਗਾਰ, ਸੈਰ-ਸਪਾਟਾ ਤੇ ਹੁਨਰ-ਸਿਖਲਾਈ ਬਾਰੇ ਮੰਤਰੀ ਸ਼ਰਲੇ ਬੌਂਡ ਕਰਨਗੇ।
ਇਸ ਦੇ ਨਾਲ ਹੀ ਪ੍ਰੀਮੀਅਰ ਨੇ ਸੂਬੇ ਵਿੱਚ ‘ਇਨੋਵੇਸ਼ਨ ਨੈੱਟਵਰਕ’ (ਨਵੀਨਤਾ ਤਾਣਾਬਾਣਾ) ਸਿਰਜਣ ਲਈ ਯੂ.ਬੀ.ਸੀ. ਦੇ ਪ੍ਰਧਾਨ ਪ੍ਰੋਫ਼ੈਸਰ ਸੈਂਟਾ ਓਨੋ ਨੂੰ ਨਿਯੁਕਤ ਕੀਤਾ ਹੈ। ਇਹ ਨੈੱਟਵਰਕ ਜਨਤਕ ਪੋਸਟ-ਸੈਕੰਡਰੀ ਸੰਸਥਾਨਾਂ ਅਤੇ ਨਵੀਨਤਾ-ਚਾਲਿਤ ਉਦਯੋਗਾਂ ਵਿਚਾਲੇ ਵਧੇਰੇ ਤਾਲਮੇਲ ਵਿਕਸਤ ਕਰੇਗਾ, ਤਾਂ ਜੋ ਬ੍ਰਿਟਿਸ਼ ਕੋਲੰਬੀਆ ਦੇ ਨਾਗਰਿਕਾਂ ਦਾ ਨਵੀਨਤਾ ਵਾਲੀ ਅਰਥ-ਵਿਵਸਥਾ, ਖ਼ਾਸ ਕਰ ਕੇ ਸੂਬੇ ਦੇ ਸ਼ਕਤੀਸ਼ਾਲੀ ਟੈਕਨਾਲੋਜੀ ਖੇਤਰ ਵਿੱਚ ਉਪਲਬਧ ਨੌਕਰੀਆਂ ਤੇ ਕੈਰੀਅਰਜ਼ ਲਈ ਤਿਆਰ ਹੋਣਾ ਯਕੀਨੀ ਬਣਾਇਆ ਜਾ ਸਕੇ।
ਸਰਸਰੀ ਤੱਥ:
• 2011 ਦੇ ਬਾਅਦ 191,500 ਨਵੀਆਂ ਨੌਕਰੀਆਂ ਜੋੜੀਆਂ, ਜਿਨ੍ਹਾਂ ਵਿੱਚੋਂ 96% ਨਿਜੀ ਖੇਤਰ ‘ਚ ਜਾਂ ਸਵੈ-ਰੋਜ਼ਗਾਰ ਨਾਲ ਸਬੰਧਤ ਸਨ।
• ਬ੍ਰਿਟਿਸ਼ ਕੋਲੰਬੀਆ ਦੀ ਬੇਰੋਜ਼ਗਾਰੀ ਦਰ 5.8% ‘ਤੇ, ਜੋ ਕਿ ਦੇਸ਼ ਵਿੱਚ ਸਭ ਤੋਂ ਘੱਟ ਹੈ।
• ਰਿਕਾਰਡ 24 ਲੱਖ (2.4 ਮਿਲੀਅਨ) ਵਿਅਕਤੀ ਕੰਮ ਕਰ ਰਹੇ ਹਨ।
• ਦੇਸ਼ ਵਿੱਚ ਕੁੱਲ ਘਰੇਲੂ ਉਤਪਾਦਨ ਵਾਧਾ ਸਭ ਤੋਂ ਉਚੇਰਾ।
ਹੋਰ ਸਿੱਖੋ:
ਬੀ.ਸੀ. ਜੌਬਸ ਪਲੈਨ ਬਾਰੇ ਹੋਰ ਜਾਣਨ ਲਈ, www.bcjobsplan.ca ਉੱਤੇ ਜਾਓ।